ਤਰਨ ਤਾਰਨ: ਪੰਜਾਬ ਵਿੱਚ ਵਧ ਰਹੀ ਗੈਂਗਵਾਰ ਚਿੰਤਾ ਦਾ ਵਿਸ਼ਾ ਹੈ। ਨਿਤ ਦਿਨ ਕਤਲੋ ਗਾਰਤ ਹੋ ਰਹੇ ਹਨ । ਉਥੇ ਹੀ ਤਰਨ ਤਾਰਨ ਦੇ ਪਿੰਡ ਬਾਕੀਪੁਰ ਵਿਖੇ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 21 ਸਾਲਾ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਰਾਣਾ ਸਿੰਘ (21), ਨਿਵਾਸੀ ਪਿੰਡ ਸੁਰਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਕਤਲ ਦੀ ਵਜ੍ਹਾ ਲੜਕੀ ਨਾਲ ਛੇੜਛਾੜ ਦਾ ਮਾਮਲਾ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਮਾਰਨ ਵਾਲੇ ਬਦਮਾਸ਼ਾਂ ਨੇ ਕੁਝ ਸਮਾਂ ਪਹਿਲਾਂ ਪੀੜਤ ਧਿਰ ਦੇ ਘਰ ਦੀ ਕੁੜੀ ਨਾਲ ਛੇੜਛਾੜ ਕੀਤੀ ਸੀ ਅਤੇ ਮੁੰਡਿਆਂ ਵਿਚਕਾਰ ਇਸ ਨੂੰ ਲੈ ਕੇ ਆਪਸੀ ਤਕਰਾਰ ਚੱਲ ਰਹੀ ਸੀ। ਹਾਲਾਂਕਿ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਵੀ ਹੋ ਚੁੱਕਾ ਸੀ ਪਰ ਇਸ ਦੇ ਬਾਵਜੂਦ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਸ਼ਰੇਆਮ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿੱਤਾ। ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਤਰਨ ਤਾਰਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੀਸੀਟੀ ਵੀ ਸਾਹਮਣੇ ਆਈ ਹੈ ਜਿਸ ਤਹਿਤ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ।